Thursday 19 January 2012

ਅਬਦੁੱਲਾ ਸ਼ਿਰਾਜ਼ੀ - ਕਿਤਾਬ 'ਬੋਸਤਾਂ' (ਭਾਵ ਬਾਗ਼)

Manpreet Singh Badal
ਹੁਕਮਰਾਨ ਈਰਾਨ ਦੇਸ਼ ਦੇ ਸ਼ਿਰਾਜ਼ ਸ਼ਹਿਰ ਵਿਚ ਬਾਰ੍ਹਵੀਂ ਸ਼ਤਾਬਦੀ 'ਚ ਜੰਮੇ 'ਅਬਦੁੱਲਾ ਸ਼ਿਰਾਜ਼ੀ' ਜਿਸਨੂੰ 'ਸ਼ੇਖ ਸਾਅਦੀ' ਕਰਕੇ ਵਧੇਰੇ ਜਾਣਿਆ ਜਾਂਦਾ ਹੈ, ਆਪਣੀ ਕਿਤਾਬ 'ਬੋਸਤਾਂ' (ਭਾਵ ਬਾਗ਼) ਵਿਚਲੀਆਂ ਡੂੰਘੀ ਸਿੱਖਿਆ ਦੇਣ ਵਾਲੀਆਂ ਕਹਾਣੀਆਂ 'ਚੋਂ ਇੱਕ ਵਿੱਚ ਕੀ ਲਿਖਦਾ ਹੈ | 'ਅਬਦੁਲ ਅਜ਼ੀਜ਼' ਨਾਮੀ ਰਾਜੇ ਕੋਲ ਇੱਕ ਬਹੁਤ ਖ਼ੂਬਸੂਰਤ ਅਤੇ ਕੀਮਤੀ ਮੋਤੀ ਸੀ ਜੋ ਉਸ ਦੀ ਅੰਗੂਠੀ ਵਿੱਚ ਜੜਿਆ ਹੋਇਆ ਸੀ | ਇੱਕ ਵੇਰਾਂ ਉਸਦੇ ਇਲਾਕੇ ਵਿੱਚ ਬਹੁਤ ਸੋਕਾ ਪੈ ਗਿਆ ਤੇ ਲੋਕਾਂ 'ਚ ਹਰ ਪਾਸੇ ਭੁਖਮਰੀ ਦੇ ਹਾਲਾਤ ਪੈਦਾ ਹੋ ਗਏ | ਰਾਜੇ ਵਿੱਚ ਹਮਦਰਦੀ ਦੀ ਭਾਵਨਾ ਉੱਠੀ ਤੇ ਉਸਨੇ ਉਸ ਮੋਤੀ ਨੂੰ ਵੇਚ ਕੇ ਵੱਟੇ ਹੋਏ ਪੈਸੇ ਲੋਕਾਂ ਵਿੱਚ ਤਕਸੀਮ ਕਰਨ ਦਾ ਹੁਕਮ ਕੀਤਾ | ਰਾਜੇ ਦੇ ਕਿਸੇ ਨੇੜਲੇ ਨੇ ਉਸਨੂੰ ਤਾੜਨਾ ਕਰਦਿਆਂ ਕਿਹਾ ਕਿ ਐਸਾ ਮੋਤੀ ਮੁੜ ਕੇ ਤੇਰੇ ਹੱਥ ਨਹੀਂ ਆਉਣਾ | ਭਰੇ ਮਨ ਨਾਲ ਰਾਜੇ ਨੇ ਕਿਹਾ "ਜਦੋਂ ਕਿਸੇ ਰਾਜੇ ਦੀ ਪਰਜਾ ਦੇ ਦਿਲ ਲੋੜਾਂ ਦੀ ਪੂਰਤੀ ਨਾ ਹੋਣ ਕਰਕੇ ਬਹੁਤ ਗਹਿਰੀ ਤਕਲੀਫ਼ 'ਚ ਹੋਵਣ, ਉਸ ਵੇਲੇ ਰਾਜੇ ਦੇ ਜਿਸਮ ਉੱਤੇ ਐਸਾ ਗਹਿਣਾ ਬਹੁਤ ਬਦਸੂਰਤ ਹੋਇਆ ਕਰਦਾ ਹੈ | ਮੇਰੇ ਵਾਸਤੇ ਦੁਖੀ ਤੇ ਲਾਚਾਰ ਲੋਕ ਵੇਖਣ ਨਾਲੋਂ ਬਗੈਰ ਮੋਤੀ ਦੀ ਅੰਗੂਠੀ ਠੀਕ ਹੈ | ਸਾਅਦੀ ਕਹਿੰਦਾ ਹੈ ਕਿ ਗੁਣਵਾਨ ਮਨੁੱਖ ਤੇ ਹੁਕਮਰਾਨ ਉਹੀ ਹੈ ਜੋ ਦੂਜਿਆਂ ਦੀ ਕੀਮਤ ਤੇ ਨਿਜੀ ਸੁਖ ਦੀ ਆਸ ਨਹੀਂ ਕਰਦਾ | ਜਦੋਂ ਕੋਈ ਹੁਕਮਰਾਨ ਗਾਫਿ਼ਲ ਹੋ ਕੇ ਆਪਣੇ ਮਖਮਲੀ ਪਲੰਘ ਤੇ ਸੁੱਤਾ ਰਹੇਗਾ, ਮੈਨੂੰ ਯਕੀਨ ਨਹੀਂ ਕਿ ਆਵਾਮ ਨੂੰ ਸੁਖ ਦਾ ਸਾਹ ਵੀ ਨਸੀਬ ਹੋ ਸਕੇਗਾ | ਇਹ ਮੰਜ਼ਰ ੧੨ਵੀਂ ਸ਼ਤਾਬਦੀ ਦਾ ਸੀ ਤੇ ਅੱਜ ੨੧ਵੀਂ ਸ਼ਤਾਬਦੀ ਆਉਣ ਤੇ ਸਿਰਫ਼ ਸ਼ਤਾਬਦੀ ਵਿਚਲੇ ਅੱਖਰਾਂ ਦਾ ਹੀ ਉਲਟ-ਫੇਰ ਨਹੀਂ ਹੋਇਆ, ਬਲਕਿ ਅੱਜ ਦੇ ਹੁਕਮਰਾਨਾਂ ਦੀ ਜੀਵਨ-ਜਾਚ ਵੀ 'ਅਬਦੁਲ ਅਜ਼ੀਜ਼' ਵਰਗੇ ਹੁਕਮਰਾਨਾਂ ਤੋਂ ਵਿਰੋਧ ਵਿੱਚ ਖੜੀ ਹੈ | ਜੇਕਰ ਆਪਣੇ ਦੇਸ ਪੰਜਾਬ ਦੀ ਗੱਲ ਕੀਤੀ ਜਾਏ, ਤੇ ਏਥੋਂ ਦੇ ਹੁਕਮਰਾਨ ਉਸ ਵੇਲੇ ਵੀ ੨੫-੩੦ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਦੇ ਕਾਫਿਲੇ ਨਾਲ ਵਿਚਰਦੇ ਹਨ, ਜਿਸ ਵੇਲੇ ਸੂਬੇ ਅੰਦਰ ਐਸੇ ਹਾਲਾਤ ਹਨ ਕਿ ਕਿੱਨੇ ਹੀ ਮਰੀਜ਼ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਣ ਦਮ ਤੋੜ ਦਿੰਦੇ ਹਨ | ਏਸ ਆਲਮ ਉੱਤੇ 'ਅਨਵਰ ਮਸੂਦ' ਦਾ ਇੱਕ ਸ਼ੇਅਰ ਜ਼ਿਕਰਯੋਗ ਹੈ, "ਮਰੀਜ਼ ਕਿਤਨੇ ਹੈਂ ਐਂਬੁਲੈਂਸੋਂ ਮੇਂ, ਔਰ ਉਨਕਾ ਹਾਲ ਹੈ ਐਸਾ ਕਿ ਮਰਨੇ ਵਾਲੇ ਹੈਂ, ਮਗਰ ਪੁਲਿਸ ਹੈ ਕਿ ਟ੍ਰੈਫਿ਼ਕ ਕੋ ਰੋਕ ਰੱਖਾ ਹੈ, ਯਹਾਂ ਸੇ ਕੌਮ ਕੇ ਖ਼ਾਦਿਮ ਗੁਜ਼ਰਨੇ ਵਾਲੇ ਹੈਂ" 'ਕੌਮ ਦੇ ਖ਼ਾਦਿਮ', ਜੋ ਕਿ ਜਮਹੂਰੀਅਤ ਜਾਂ ਲੋਕਰਾਜ ਵਿੱਚ ਹੁਕਮਰਾਨ ਦਾ ਦੂਜਾ ਨਾਂ ਹੈ, ਅੱਜ ਦੇ ਯੁਗ ਵਿੱਚ ਇਕ ਗਾਲ਼ ਬਣ ਚੁੱਕਿਆ ਹੈ | ਹੁਕਮਰਾਨਾਂ ਦੀ ਅੱਯਾਸ਼ੀ ਕਿਸੇ ਤੋਂ ਲੁਕੀ ਤੇ ਨਹੀਂ, ਭਾਵੇਂ ਕਿ ਉਹ ਨਿਰੇ ਝੂਠ ਭਰੇ ਲਫ਼ਜ਼ਾਂ ਦੇ ਭਾਸ਼ਣ ਨਾਲ ਇਸ ਨੂੰ ਲੁਕੋਣ ਦਾ ਜਤਨ ਕਰਦੇ ਹੀ ਰਹਿੰਦੇ ਨੇ | ਕਈ ਤੇ ਹੁਣ ਇਸ ਕਦਰ ਬੇਸ਼ਰਮ ਹੋ ਚੁੱਕੇ ਨੇ ਕਿ ਲੁਕੋਣ ਦੀ ਥਾਂ ਆਪਣੀ ਨਾਜਾਇਜ਼ ਦੌਲਤ ਦੀ ਨੁਮਾਇਸ਼ ਤੇ ਉਤਾਰੂ ਨੇ | ਇਹ ਨਾਜਾਇਜ਼ ਇਸ ਲਈ ਕਿਉਂਕਿ ਸੂਬੇ ਦਾ ਉਹ ਖਜ਼ਾਨਾ ਜੋ ਆਵਾਮ ਦੀ ਸਾਂਭ-ਸੰਭਾਲ ਲਈ ਵਰਤਣਾ ਸੀ, ਉਹ ਇਹਨਾਂ ਨੇ ਆਪਸ ਵਿੱਚ ਗੰਢ-ਤੁੱਪ ਕਰਕੇ ਨਿਜੀ ਦੌਲਤ ਵਿੱਚ ਤਬਦੀਲ ਕਰ ਲਿਆ ਹੈ | ਜਿਸ ਸੂਬੇ ਵਿੱਚ ਜ਼ਮੀਨ ਦਾ ਕਾਲਜਾ ਚੀਰ ਕੇ ਖ਼ੁਰਾਕ ਪੈਦਾ ਕਰਣ ਵਾਲਾ ਕਿਸਾਨ, ਹਜ਼ਾਰਾਂ ਦੀ ਤਾਦਾਦ 'ਚ ਫਾਹੇ ਲਾਉਣ ਤੇ ਮਜਬੂਰ ਹੋ ਚੁੱਕਿਆ ਹੋਵੇ, ਉਸ ਸੂਬੇ ਦੇ ਹੁਕਮਰਾਨ ਉਸਦੀ ਲਟਕਦੀ ਲਾਸ਼ ਦੇ ਉੱਤੋਂ ਦੀ ਲੱਖਾਂ ਦਾ ਤੇਲ ਫੂਕਦੇ ਹੋਏ ਹੈਲੀਕੌਪਟਰ ਵਿਚ ਸੈਰਾਂ ਕਰਦੇ ਨਿਕਲਣ, ਇਸ ਤੋਂ ਵੱਡਾ ਸੂਬੇ ਦਾ ਦੁਰਭਾਗ ਅਤੇ ਹੁਕਮਰਾਨ ਦੇ ਕਿਰਦਾਰ ਦੀ ਗਿਰਾਵਟ ਕੀ ਹੋ ਸਕਦੀ ਹੈ ? ਵੈਸੇ ਜਿਸ ਦਿਨ ਹਰ ਇਕ ਹੁਕਮਰਾਨ ਐਸੀ ਨੀਂਵੀ ਪੱਧਰ ਦੀ ਜ਼ਿੰਦਗੀ ਤੇ ਆ ਜਾਵੇਗਾ, ਉਹ ਦਿਨ ਕਿ਼ਆਮਤ ਤੋਂ ਭਲਾਂ ਕੀ ਵੱਖ ਹੋਵੇਗਾ ਤੇ ਉਹ ਸੂਬਾ ਦੋਜ਼ਖ ਤੋਂ | ਪਰ ਕਿਉਂਜੋ ਅਜੇ ਕ਼ਿਆਮਤ ਤੇ ਖ਼ੈਰ ਨਹੀਂ ਆਈ, ਇਸ ਦਾ ਮਤਲਬ ਹਨੇਰੀ ਰਾਤਾਂ ਤੇ ਤੇਜ਼ ਹਵਾਵਾਂ ਵਿੱਚ ਕੋਈ ਤੇ ਦੀਵਾ ਬਾਲ਼ੀਂ ਖੜਾ ਹੈ | ਇੱਕ ਐਸਾ ਹੀ ਮਘਦਾ ਦੀਵਾ ਹੈ ਮਨਪ੍ਰੀਤ ਬਾਦਲ | ਤੁਸੀਂ ਸ਼ਾਇਦ ਇਸ ਗੱਲ ਤੋਂ ਜਾਣੂ ਹੋਵੋਗੇ ਜਾਂ ਨਹੀਂ, ਪਰ ਇਹ ਉਹ ਸ਼ਖ਼ਸ ਹੈ ਜੋ ਕਿ ਸੂਬੇ ਦੇ ਖਜ਼ਾਨੇ ਦਾ ਹਾਕਿਮ ਹੁੰਦੇ ਹੋਇਆਂ ਵੀ ਸੂਬੇ ਦੇ ਖਜ਼ਾਨੇ ਨੂੰ ਆਵਾਮ ਦੀ ਅਮਾਨਤ ਸਮਝਦਾ ਰਿਹਾ | ਦੂਜੇ ਹਾਕਮਾਂ ਵਾਂਗ ਮਨਪ੍ਰੀਤ ਨੇ ਅਮਾਨਤ ਵਿੱਚ ਖਿਆਨਤ ਤੇ ਕੀ ਕਰਨੀ ਸੀ, ਉਸ ਨੇ ਹਰ ਇਕ ਜਤਨ ਐਸਾ ਕੀਤਾ ਜਿਸ ਨਾਲ ਇਸ ਅਮਾਨਤ ਵਿੱਚ ਵਾਧਾ ਹੋ ਸਕੇ | ਕੀ ਅੱਜ ਦੇ ਹੁਕਮਰਾਨਾਂ ਵਿੱਚੋਂ ਕੋਈ ਮਨਪ੍ਰੀਤ ਦਾ ਇਸ ਗੱਲ ਵਿਚ ਸਾਨੀ ਹੋ ਸਕਦਾ ਹੈ ਜਿਸ ਨੇ ਕੀ ਆਪਣੇ ਸਾਰੇ ਕਾਰਜਕਾਲ ਦੌਰਾਨ ਨਾ ਤੇ ਕੋਈ ਸੁਰੱਖਿਆ ਦਸਤਾ ਹੀ ਲਿਆ ਅਤੇ ਨਾ ਹੀ ਕੋਈ ਗੱਡੀਆਂ ਦਾ ਕਾਫਿਲਾ | ਇਸ ਸਾਧ ਬਿਰਤੀ ਦੇ ਮਨੁੱਖ ਨੇ ਹਰ ਸਰਕਾਰੀ ਕੰਮ ਤੇ ਜਾਣ ਲਈ ਵੀ ਨਿਜੀ ਗੱਡੀ, ਆਪਣੇ ਪੱਲਿਓਂ ਤੇਲ ਪੁਆ ਕੇ ਆਪ ਚਲਾ ਕੇ ਹੀ ਵਰਤੀ | ਭਾਵੇਂ ਕਿਸੇ ਸਰਕਾਰੀ ਕੰਮ ਲਈ ਰੇਲ ਜਾਂ ਹਵਾਈ ਜਹਾਜ਼ ਦਾ ਸਫਰ ਕਰਨਾ ਪਿਆ, ਉਸ ਦੀਆਂ ਟਿਕਟਾਂ ਵੀ ਸਰਕਾਰੀ ਖਜ਼ਾਨੇ ਵਿੱਚੋਂ ਨਾ ਲੈ ਕੇ ਆਪਣੇ ਪੱਲਿਓਂ ਖਰੀਦ ਕੇ ਲਾਈਆਂ | ਕਿਸੇ ਨੂੰ ਭਾਵੇਂ ਇਹ ਗੱਲ ਵੱਡੀ ਨਾ ਲੱਗੇ, ਪਰ ਜੋਕਾਂ ਵਾਂਗ ਖਜ਼ਾਨੇ ਨੂੰ ਚੂਸ ਜਾਣ ਵਾਲੇ ਹਾਕਿਮਾਂ ਦੇ ਨਾਲ ਵਸਦਿਆਂ ਐਸਾ ਕਰਨਾ ਆਪਣੇ ਆਪ 'ਚ ਇਕ ਲਾਮਿਸਾਲ ਗੱਲ ਹੈ | ਮਨਪ੍ਰੀਤ ਦੇ ਇਸ ਵਰਤਾਰੇ ਵਿੱਚ ਉਸ ਦੇ ਅੰਦਰੋਂ ਰੱਜੇ ਹੋਣ ਦੀ ਗਵਾਹੀ ਪੈਂਦੀ ਹੈ | ਜਿਵੇਂ ਕਿ ਸ਼ੇਖ ਸਾਅਦੀ ਇਕ ਹੋਰ ਜਗ੍ਹਾ ਕਹਿੰਦਾ ਹੈ ਕਿ ਰੱਜੇ ਹੋਏ ਮਨੁੱਖ ਦਾ ਸਿਰ 'ਉੱਚਾ' ਹੋਇਆ ਕਰਦਾ ਹੈ, ਜਦਕਿ ਲੋਭੀ ਮਨੁੱਖ ਦਾ ਸਿਰ ਵੱਧ ਤੋਂ ਵੱਧ ਮੋਢਿਆਂ ਤੀਕ ਹੀ ਅਪੜਦਾ ਹੈ | ਇੱਕ ਪੱਤਰਕਾਰ ਦੇ ਸਵਾਲ ਦੇ ਜੁਆਬ 'ਚ ਮਨਪ੍ਰੀਤ ਬਾਦਲ ਨੇ ਕਦੇ ਇਹ ਸ਼ੇਅਰ ਕਿਹਾ ਸੀ, "ਨਾ ਮੈਂ ਦੌਲਤ ਪੇ ਨਾਜ਼ ਕਰਤਾ ਹੂੰ, ਨਾ ਮੈਂ ਸ਼ੌਹਰਤ ਪੇ ਨਾਜ਼ ਕਰਤਾ ਹੂੰ, ਗੁਨਹਗਾਰ ਹੂੰ ਮੇਰੇ ਮੌਲਾ, ਤੇਰੀ ਰਹਿਮਤ ਪੇ ਨਾਜ਼ ਕਰਤਾ ਹੂੰ" ਅੱਜ ਸਾਨੂੰ ਲੋੜ ਵੀ ਹੈ ਤੇ ਮੌਕਾ ਵੀ ਹੈ, ਕਿ ਇਸ ਤੋਂ ਪਹਿਲਾਂ ਕਿ ਇਹ ਕਮਜ਼ਰਫ਼ ਹਾਕਿਮ ਤੁਹਾਡੇ ਮੁੜ੍ਹਕੇ ਨੂੰ ਤੇਲ ਬਣਾਕੇ ਆਪਣੀਆਂ ਸਿਆਸੀ ਰੋਟੀਆਂ ਦੁਬਾਰਾ ਸੇਕਣ ਅਤੇ ਇਸ ਅੱਗ ਦੇ ਧੂੰਏਂ ਨਾਲ ਪੰਜਾਬ ਦੀ ਫ਼ਿਜ਼ਾ ਨੂੰ ਗੰਧਲਾ ਕਰਣ, ਆਓ ਇੱਕ ਫੈਸਲਾ ਲਈਏ ਕਿ ਐਤਕੀਂ ਅਸੀਂ ਕਿਰਦਾਰ ਦੇ ਸੁੱਚੇ ਮਨਪ੍ਰੀਤ ਬਾਦਲ ਨੂੰ ਸੂਬੇ ਦਾ ਹੁਕਮਰਾਨ ਥਾਪਣਾ ਹੈ | ਆਪਣੀ ਇਸ ਤਾਕਤ ਨੂੰ ਨਾ ਤੇ ਘੱਟ ਸਮਝਿਓ ਤੇ ਨਾ ਹੀ ਅਜਾਈਂ ਜਾਣ ਦਿਓ, ਕਿਉਂਕਿ ਕਹਿੰਦੇ ਨੇ, 'ਨਾਅਰਾ-ਏ-ਖਲਕਤ, ਨਗ਼ਾਰਾ-ਏ-ਖ਼ੁਦਾ' ਖਲਕਤ ਦਾ ਲਾਇਆ ਨਾਅਰਾ, ਖ਼ੁਦਾ ਦੇ ਨਗ਼ਾੜੇ ਵਰਗਾ ਹੁੰਦਾ ਹੈ |